11 ਸਾਲ ਪੁਰਾਣੇ ਕੇਸ ਵਿਚ ਮੈਨੂੰ ਪੁਲਿਸ ਪੁੱਛ-ਗਿੱਛ ਲਈ ਸੱਦ ਕੇ ਮੁੱਖ ਮੰਤਰੀ ਸਿਆਸੀ ਬਦਲਾਖੋਰੀ ’ਤੇ ਉਤਰੇ: ਬਿਕਰਮ ਸਿੰਘ ਮਜੀਠੀਆ

ਪਟਿਆਲਾ, 18 ਦਸੰਬਰ 2023:

ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਪਟਿਆਲਾ ਵਿਖੇ ਸਪੈਸ਼ਲ ਇੰਵੈਸਟਿਗੇਸ਼ਨ ਟੀਮ ਅੱਗੇ ਪੁੱਛ ਗਿੱਛ ਲਈ ਤੋਂ ਪਹਿਲਾਂ ਪ੍ਰੈਸ ਨਾਲ ਗੱਲ ਬਾਤ ਕਰਦਿਆ ਕਿਹਾ ਕਿ ਮੁੱਖ ਮੰਤਰੀ 11 ਸਾਲ ਪੁਰਾਣੇ ਕੇਸ ਵਿਚ ਉਹਨਾਂ ਨੂੰ ਪੁਲਿਸ ਪੁੱਛ-ਗਿੱਛ ਲਈ ਤਲਬ ਕਰ ਕੇ ਸਿਆਸੀ ਬਦਲਾਖੋਰੀ ’ਤੇ ਉਤਰ ਆਏ ਹਨ ਜਦੋਂ ਕਿ ਦੋ ਸਾਲਾਂ ਵਿਚ ਸਰਕਾਰ ਕੇਸ ਵਿਚ ਅਦਾਲਤ ਵਿਚ ਚਲਾਨ ਵੀ ਪੇਸ਼ ਨਹੀਂ ਕਰ ਸਕੀ।

ਬਿਕਰਮ ਸਿੰਘ ਮਜੀਠੀਆ ਜੋ ਕੇਸ ਵਿਚ ਬਣੀ ਐਸ ਆਈ ਟੀ ਵੱਲੋਂ ਭੇਜੇ ਸੰਮਨਾਂ ਦੇ ਜਵਾਬ ਵਿਚ ਇਥੇ ਆਏ, ਨੇ ਕਿਹਾ ਕਿ ਜਦੋਂ 9 ਦਸੰਬਰ ਨੂੰ ਉਹਨਾਂ ਸ੍ਰੀ ਭਗਵੰਤ ਮਾਨ ਵੱਲੋਂ ਆਪਣੀ ਧੀ ਨੂੰ ਛੱਡਣ ’ਤੇ ਉਹਨਾਂ ਵੱਲੋਂ ਧੀ ਦੇ ਹੱਕ ਵਿਚ ਬਿਆਨ ਦਿੱਤੇ ਗਏ ਤਾਂ 11 ਦਸੰਬਰ ਨੂੰ ਦੋ ਦਿਨਾਂ ਬਾਅਦ ਹੀ ਉਹਨਾਂ ਨੂੰ ਤਲਬ ਕਰਨ ਦੇ ਹੁਕਮ ਮੁੱਖ ਮੰਤਰੀ ਨੇ ਜਾਰੀ ਕਰ ਦਿੱਤੇ।

ਪੰਜਾਬ ਵਿਚ ਮੌਜੂਦਾ ਦੌਰ ਵਿਚ ਨਸ਼ਿਆਂ ਦੇ ਵਗ ਰਹੇ ਦਰਿਆ ਦੀ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਹਾਈ ਕੋਰਟ, ਬੀ ਐਸ ਐਫ ਅਤੇ ਇਸਦੇ  ਨਾਲ ਹੀ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਦੱਸ ਚੁੱਕੇ ਹਨ ਕਿ ਕਿਵੇਂ ਨਸ਼ਾ ਪੰਜਾਬ ਲਈ ਖ਼ਤਰਨਾਕ ਬਣ ਚੁੱਕਾ ਹੈ ਤੇ ਨਸ਼ੇ ਦੀ ਓਵਰਡੋਜ਼ ਨਾਲ ਰੋਜ਼ ਮੌਤਾਂ ਹੋ ਰਹੀਆਂ ਹਨ ਪਰ ਇਸਨੂੰ ਨਕੇਲ ਪਾਉਣ ਦੀ ਥਾਂ ਆਪ ਸਰਕਾਰ ਤੇ ਮੁੱਖ ਮੰਤਰੀ ਇਸ ਮੁੱਦੇ ਦਾ ਸਿਆਸੀਕਰਨ ਕਰਨ ਵਿਚ ਲੱਗੇ ਹਨ।